ਤਰਨਤਾਰਨ: ਬੀਤੇ ਕੱਲ੍ਹ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਭਲਾਈਪੁਰ ਡੋਗਰਾ 'ਚ ਰੰਜਿਸ਼ ਦੇ ਚੱਲਦਿਆ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਮਾਮਲੇ ਬਾਬਤ ਗੱਲਬਾਤ ਕਰਦਿਆਂ ਮ੍ਰਿਤਕ ਦੀ ਮਾਂ ਮਨਜੀਤ ਕੌਰ ਨੇ ਦੱਸਿਆ ਕਿ ਅਸੀ ਪਿੰਡ ਲਿੱਧੜ ਦੇ ਰਹਿਣ ਵਾਲੇ ਹਾਂ ਅਤੇ ਪਿੰਡ ਦੇ ਹੀ ਕੁਝ ਨੌਜ਼ਵਾਨ ਮੇਰੇ ਲੜਕੇ ਅਰਸ਼ਦੀਪ ਸਿੰਘ ਨਾਲ ਇੱਕ ਝਗੜੇ ਸਬੰਧੀ ਰੰਜਿਸ਼ ਰੱਖਦੇ ਸਨ। ਜਿਸ ਦੇ ਚੱਲਦਿਆ ਮੇਰੇ ਲੜਕੇ ਨੂੰ ਲਗਾਤਾਰ ਮਾਰ ਦੇਣ ਦੀਆਂ ਧਮਕੀਆ ਮਿਲ ਰਹੀਆ ਸਨ। ਬੀਤੇ ਕੱਲ੍ਹ ਮੁਲਜ਼ਮਾਂ ਵੱਲੋਂ ਪਿੰਡ ਭਲਾਈਪੁਰ ਡੋਗਰਾ ਦੇ ਬੱਸ ਅੱਡੇ 'ਤੇ ਮੇਰੇ ਲੜਕੇ ਅਰਸ਼ਦੀਪ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਮੌਕੇ 'ਤੇ ਪਹੁੰਚੇ ਥਾਣਾ ਵੈਰੋਵਾਲ ਦੇ ਐਸਐਚਓ ਨਰੇਸ਼ ਕੁਮਾਰ ਨੇ ਦੱਸਿਆ ਕਿ ਪਿੰਡ ਲਿੱਧੜ ਵਿਖੇ ਕਿਸੇ ਪੁਰਾਣੇ ਝਗੜੇ ਦੀ ਰੰਜਿਸ਼ ਨੂੰ ਲੈਕੇ ਨੌਜਵਾਨ ਦਾ ਕਤਲ ਹੋਇਆ ਹੈ। ਜਿਸ ਸਬੰਧੀ ਪਿੰਡ ਲਿੱਧੜ ਦੇ ਰਹਿਣ ਵਾਲੇ ਪੰਜ ਮੁਲਜ਼ਮ ਦਿਲਬਰ ਸਿੰਘ, ਉਕਾਰਜੀਤ ਸਿੰਘ, ਸਾਹਿਲਪ੍ਰੀਤ ਸਿੰਘ, ਸ਼ੁਭਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਖਿਲਾਫ਼ ਕਤਲ ਦਾ ਕੇਸ ਦਰਜ ਕਰ ਕੀਤਾ ਗਿਆ ਹੈ। ਮਾਮਲੇ ਵਿਚ ਨਾਮਜ਼ਦ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।