ਗੁਰਦਾਸਪੁਰ: ਬਰਸਾਤੀ ਮੌਸਮ ਦੇ ਚੱਲਦੇ ਕਾਦੀਆ ਦੇ ਬਾਲਮੀਕੀ ਮੁਹੱਲੇ ਵਿੱਚ ਕਾਨੂੰਨ ਦੀ ਬਿਜਲੀ ਇਕ ਨਸ਼ਾ ਤਸਕਰ ਦੇ ਘਰ ਉੱਤੇ ਡਿੱਗੀ ਹੈ। ਪੁਲਿਸ ਪ੍ਰਸ਼ਾਸਨ ਅਤੇ ਕਾਦੀਆ ਨਗਰ ਕੌਂਸਲ ਦੇ ਅਧਿਕਾਰੀਆਂ ਪੂਰੇ ਅਮਲੇ ਅਤੇ ਜੇਸੀਬੀ ਮਸ਼ੀਨਾਂ ਨਾਲ ਨਸ਼ਾ ਤਸਕਰ ਦੀ ਇਮਾਰਤ ਢਹਿ ਢੇਰੀ ਕਰਨ ਲਈ ਪਹੁੰਚੇ। ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਦੀ ਅਗਵਾਈ ਵਿੱਚ ਪੁਲਿਸ ਨੇ ਇਮਾਰਤ ਨੂੰ ਢਹਿ-ਢੇਰੀ ਕਰ ਦਿੱਤਾ। ਇਸ ਮੌਕੇ ਐੱਸਐੱਸਪੀ ਬਟਾਲਾ ਅਤੇ ਨਗਰ ਕੌਂਸਲ ਕਾਦੀਆ ਦੇ ਈਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਇਸ ਘਰ ਦਾ ਮਾਲਿਕ ਨਗਰ ਕੌਂਸਲ ਕਾਦੀਆ ਵਿੱਚੋਂ ਹੀ ਸੇਵਾ ਮੁਕਤ ਹੋ ਚੁੱਕਿਆ ਕਰਮਚਾਰੀ ਹੈ ਅਤੇ ਉਸਦੇ ਪੁੱਤਰ ਉੱਤੇ ਨਸ਼ਾ ਤਸਕਰੀ ਸਮੇਤ ਨਜਾਇਜ਼ ਅਸਲੇ ਦੇ 6 ਪਰਚੇ ਦਰਜ ਹਨ ਅਤੇ ਉਹ ਇਸ ਵੇਲੇ ਜੇਲ੍ਹ ਅੰਦਰ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਜਗ੍ਹਾ ਬੱਸ ਅੱਡੇ ਦੀ ਸਰਕਾਰੀ ਜਗ੍ਹਾ ਹੈ। ਜਿਸ ਉੱਤੇ ਨਸ਼ਾ ਤਸਕਰੀ ਦੀ ਕਮਾਈ ਨਾਲ ਨਜਾਇਜ ਤੌਰ 'ਤੇ ਉਸਾਰੀ ਕੀਤੀ ਗਈ ਅਤੇ ਇਸਨੂੰ ਕਾਨੂੰਨ ਮੁਤਾਬਕ ਹੀ ਢੇਹਿ-ਢੇਰੀ ਕੀਤਾ ਜਾ ਰਿਹਾ ਹੈ।