ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ 'ਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲੀ ਹੈ, ਖਬਰ ਮਿਲਦਿਆਂ ਹੀ ਇਲਾਕੇ ਵਿੱਚ ਸਨਸਨੀ ਫੈਲ ਗਈ। ਨੌਜਵਾਨ ਦੀ ਸ਼ਨਾਖਤ ਸ਼ਹਿਰ ਦੇ ਨਾਲ ਲੱਗਦੇ ਪਿੰਡ ਜਬੋਸੁਧਾਰ ਦੇ ਵਸਨੀਕ 27 ਸਾਲਾ ਆਕਾਸ਼ ਪੁੱਤਰ ਮੰਗਾ ਸਿੰਘ ਦੇ ਰੂਪ ਵਿੱਚ ਹੋਈ ਹੈ। ਚਸ਼ਮਦੀਦਾਂ ਵਲੋਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸਿਵਲ ਹਸਪਤਾਲ ਦੇ ਬਾਥਰੂਮ ਅੰਦਰ ਹੀ ਮ੍ਰਿਤਕ ਹਾਲਤ ’ਚ ਪਾਇਆ ਗਿਆ ਅਤੇ ਉਸ ਦੇ ਨੇੜੇ ਇੱਕ ਸਰਿੰਜ ਵੀ ਪਈ ਹੋਈ ਸੀ। ਉਧਰ ਪਰਿਵਾਰ ਇਸ ਬਾਬਤ ਕੁਝ ਵੀ ਬੋਲਣ ਲਈ ਤਿਆਰ ਨਹੀਂ ਹੈ। ਮ੍ਰਿਤਕ ਨੌਜਵਾਨ ਅਜੇ ਕੁਆਰਾ ਸੀ। ਇਸ ਮਾਮਲੇ ਨੂੰ ਲੈ ਕੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਅਧੀਨ ਕਾਰਵਾਈ ਕਰ ਦਿੱਤੀ ਗਈ ਹੈ।