ਅੰਮ੍ਰਿਤਸਰ : ਅੰਮ੍ਰਿਤਸਰ ਦੇ ਨਿਜ਼ਾਮਪੁਰਾ 'ਚ ਬੱਚੇ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੰਚਾਇਤ 'ਚ ਬੱਚੇ ਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਕਿ ਉਸ ਦੇ ਸਿਰ 'ਤੇ ਟਾਂਕੇ ਲਗਾਉਣੇ ਪਏ। ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੱਚਾ ਦਲਿਤ ਪਰਿਵਾਰ ਨਾਲ ਸਬੰਧਿਤ ਹੈ, ਜਿਸ ਕਾਰਨ ਦਲਿਤ ਭਾਈਚਾਰੇ 'ਚ ਗੁੱਸਾ ਹੈ, ਜਦਕਿ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਵੀ ਮੁਲਜ਼ਮ ਪਾਇਆ ਜਾਵੇਗਾ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਇਕ ਦਲਿਤ ਆਗੂ ਦੀ ਵੀਡੀਓ ਸਾਹਮਣੇ ਆਈ ਹੈ। ਜਿਸ ਵਿੱਚ ਉਹ ਕਹਿ ਰਿਹਾ ਹੈ ਕਿ ਇੱਕ ਛੋਟੇ ਬੱਚੇ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸਮੂਹ ਦਲਿਤ ਆਗੂਆਂ ਨੇ ਕਿਹਾ ਕਿ ਪੀੜਤ ਪਰਿਵਾਰ ਇਨਸਾਫ਼ ਲੈਣ ਲਈ ਥਾਣੇ ਗਿਆ ਸੀ ਪਰ ਉੱਥੇ ਉਨ੍ਹਾਂ ਦੀ ਫਰਿਆਦ ਨਹੀਂ ਸੁਣੀ ਗਈ। ਜਿਸ ਸਬੰਧੀ ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਵੇ ਨਹੀਂ ਤਾਂ ਸਮੂਹ ਦਲਿਤ ਜਥੇਬੰਦੀਆਂ ਇਕੱਠੇ ਹੋ ਕੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਸੜਕਾਂ 'ਤੇ ਉਤਰਨਗੀਆਂ ਜਿਸ ਲਈ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।