ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 6 ਫਰਵਰੀ
ਸਥਾਨਕ ਸੁਲਤਾਨਵਿੰਡ ਇਲਾਕੇ ਦੀ ਆਬਾਦੀ ਦਰਸ਼ਨ ਐਵੇਨਿਊ ਵਿਖੇ ਬੀਤੀ ਅੱਧੀ ਰਾਤ ਮਾਂ ਅਤੇ ਧੀ ਦਾ ਕਤਲ ਕਰਕੇ ਉਨ੍ਹਾਂ ਨੂੰ ਅੱਗ ਨਾਲ ਸਾੜ ਦਿੱਤਾ ਗਿਆ। ਪੁਲੀਸ ਨੇ ਕੇਸ ਦਰਜ ਕਰਕੇ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਰਾਤ ਡੇਢ ਵਜੇ ਦੇ ਕਰੀਬ ਜਦੋਂ ਉਨ੍ਹਾਂ ਨੂੰ ਘਰ ਵਿੱਚ ਅੱਗ ਲੱਗਣ ਦਾ ਪਤਾ ਲੱਗਾ ਤਾਂ ਇਸ ਦੀ ਸੂਚਨਾ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੇ ਅਮਲੇ ਨੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਥਾਣਾ ਸੁਲਤਾਨਵਿੰਡ ਦੇ ਮੁਖੀ ਇੰਸਪੈਕਟਰ ਨੀਰਜ ਕੁਮਾਰ ਅਤੇ ਚੌਕੀ ਇੰਚਾਰਜ ਅਰਜਨ ਕੁਮਾਰ ਮੌਕੇ ’ਤੇ ਪਹੁੰਚ ਕੇ ਤਹਿਕੀਕਾਤ ਕੀਤੀ। ਪੁਲੀਸ ਕਮਿਸ਼ਨਰ ਐਸ ਐਸ ਸ੍ਰੀਵਾਸਤਵ, ਡੀਸੀਪੀ (ਜਾਂਚ) ਜਗਮੋਹਨ ਸਿੰਘ, ਏਡੀਸੀਪੀ ਸਿਟੀ-1 ਜਗਜੀਤ ਸਿੰਘ ਵਾਲੀਆ ਅਤੇ ਏਸੀਪੀ (ਦੱਖਣੀ) ਮਨਜੀਤ ਸਿੰਘ ਨੇ ਵੀ ਮੌਕੇ ’ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ। ਇੰਸਪੈਕਟਰ ਨੀਰਜ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ ’ਤੇ ਪਹੁੰਚੇ ਤਾਂ ਘਰ ਅੰਦਰ ਦੋ ਲਾਸ਼ਾਂ ਸੜੀ ਹੋਈ ਹਾਲਤ ’ਚ ਪਈਆਂ ਸਨ। ਉਨ੍ਹਾਂ ਕਿਹਾ ਕਿ ਗਗਨ ਵਰਮਾ ਦੀ ਲਾਸ਼ ਤਕਰੀਬਨ ਸੜੀ ਹੋਈ ਸੀ ਅਤੇ ਉਸ ਦੀ ਬੇਟੀ ਸ਼ਿਵ ਨੈਣੀ ਦੀ ਅਰਧ ਨਗਨ ਹਾਲਤ ’ਚ ਲਾਸ਼ ਪਈ ਸੀ ਜਿਸ ਦੇ ਹੱਥ-ਪੈਰ ਬੰਨ੍ਹੇ ਹੋਏ ਸਨ ਅਤੇ ਮੂੰਹ ਵਿੱਚ ਕੱਪੜਾ ਦਿੱਤਾ ਹੋਇਆ ਸੀ। ਪੁਲੀਸ ਮੁਤਾਬਕ ਕਮਰਾ ਪੂਰੀ ਤਰ੍ਹਾਂ ਨਾਲ ਸੜਿਆ ਹੋਇਆ ਸੀ ਅਤੇ ਇੰਜ ਜਾਪਦਾ ਹੈ ਕਿ ਮਾਵਾਂ-ਧੀਆਂ ਨੂੰ ਪਹਿਲਾਂ ਕਤਲ ਕੀਤਾ ਗਿਆ ਅਤੇ ਫਿਰ ਸਾੜਿਆ ਗਿਆ। ਮ੍ਰਿਤਕਾ ਗਗਨ ਵਰਮਾ (40-42) ਤਲਾਕਸ਼ੁਦਾ ਸੀ ਅਤੇ ਆਪਣੀ 22-23 ਸਾਲਾ ਬੇਟੀ ਸ਼ਿਵ ਨੈਣੀ ਅਤੇ ਬੇਟੇ ਗੌਰਵ ਵਰਮਾ ਨਾਲ ਰਹਿੰਦੀ ਸੀ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਨੌਕਰੀ ਕਰਦੀ ਗਗਨ ਵਰਮਾ ਦਾ ਬੇਟਾ ਗੌਰਵ ਵਰਮਾ ਕੁਝ ਸਮਾਂ ਪਹਿਲਾਂ ਪੜ੍ਹਾਈ ਕਰਨ ਲਈ ਵਿਦੇਸ਼ ਗਿਆ ਹੈ ਅਤੇ ਘਰ ਵਿੱਚ ਮਾਂ-ਧੀ ਇਕੱਲੀਆਂ ਹੀ ਰਹਿੰਦੀਆਂ ਸਨ। ਥਾਣਾ ਮੁਖੀ ਨੇ ਦੱਸਿਆ ਕਿ ਘਰ ਵਿੱਚੋਂ ਇਕ ਮੋਬਾਈਲ ਫੋਨ ਅਤੇ ਲੈਪਟਾਪ ਮਿਲਿਆ ਹੈ ਜਦੋਂ ਕਿ ਚਿੱਟੇ ਰੰਗ ਦੀ ਐਕਟਿਵਾ ਘਰ ਦੇ ਬਾਹਰ ਮਿਲੀ ਹੈ। ਇੰਸਪੈਕਟਰ ਨੀਰਜ ਕੁਮਾਰ ਨੇ ਕਿਹਾ ਕਿ ਇਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਨੂੰ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ